ਕਪੂਰਥਲਾ (ਜਸਪ੍ਰੀਤ): ਜਲੰਧਰ ਦੇ ਗੁਆਂਢੀ ਜਿਲ੍ਹਾ ਕਪੂਰਥਲਾ ਵਿੱਚ ਦਿਨ ਚੜ੍ਹਦੇ ਹੀ ਇੱਕ ਵੱਡੀ ਘਟਨਾ ਵਾਪਰ ਗਈ। ਪਤਾ ਲੱਗਾ ਹੈ ਕਿ ਕਪੂਰਥਲਾ ਦੇ ਜਲੰਧਰ ਰੋਡ ‘ਤੇ ਸਥਿਤ ਮਲਹੌਤਰਾ ਇਨਫੋਕਾਮ ਦੇ ਸ਼ੋਅਰੂਮ ‘ਚ ਭਾਰੀ ਗੋਲੀਬਾਰੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀਬਾਰੀ ਕਰਨ ਵਾਲੇ ਦੋਸ਼ੀ ਮੋਟਰਸਾਈਕਲ ‘ਤੇ ਸਵਾਰ ਸਨ। ਫਿਲਹਾਲ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਚਰਚਾ ਹੈ ਕਿ ਇਸ ਘਟਨਾ ਨੂੰ ਫਿਰੌਤੀ ਨਾਲ ਜੋੜ ਕੇ ਜਾਂਚ ਸ਼ੁਰੂ ਕੀਤੀ ਜਾ ਸਕਦੀ ਹੈ। ਸ਼ੋਅਰੂਮ ਦੇ ਮਾਲਕ ਨਰੇਸ਼ ਮਲਹੌਤਰਾ ਨੇ ਦੱਸਿਆ ਕਿ ਉਹ ਸਵੇਰੇ ਹੀ ਸ਼ੋਅਰੂਮ ‘ਤੇ ਪਹੁੰਚੇ ਹੀ ਸਨ ਕਿ ਅਚਾਨਕ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ।
ਦੱਸਿਆ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਕਰੀਬ 17 ਗੋਲੀਆਂ ਚਲਾਈਆਂ। ਖੁਸ਼ਕਿਸਮਤੀ ਨਾਲ ਕਿਸੇ ਨੂੰ ਗੋਲੀ ਨਹੀਂ ਲੱਗੀ। ਸੂਚਨਾ ਮਿਲਦੇ ਹੀ ਪੁਲਸ ਟੀਮ ਮੌਕੇ ‘ਤੇ ਪਹੁੰਚ ਗਈ। ਪੁਲੀਸ ਵੱਲੋਂ ਸੀਸੀਟੀਵੀ ਫੁਟੇਜ ਹਾਸਲ ਕੀਤੀ ਜਾ ਰਹੀ ਹੈ। ਸਨਸਨੀਖੇਜ਼ ਘਟਨਾ ਨੂੰ ਫਿਰੌਤੀ ਨਾਲ ਜੋੜਿਆ ਜਾ ਰਿਹਾ ਹੈ। ਉੱਚ ਪੱਧਰੀ ਪੁਲਿਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮਲਹੌਤਰਾ ਇਨਫੋਕਾਮ ਦੇ ਮਾਲਕ ਨੂੰ ਫਿਰੌਤੀ ਦੀਆਂ ਕਾਲਾਂ ਆ ਰਹੀਆਂ ਸਨ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਚਰਚਾ ਹੈ ਕਿ ਫਿਰੌਤੀ ਮੰਗਣ ਵਾਲਿਆਂ ਨੇ ਡਰਾਉਣ ਲਈ ਸ਼ੋਅਰੂਮ ਦੇ ਬਾਹਰ ਗੋਲੀ ਚਲਾ ਦਿੱਤੀ।
