Nation Post

ਟੈਕਸਾਸ ‘ਚ ਭਾਰਤੀ-ਅਮਰੀਕੀ ’ਤੇ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਧਮਕੀ ਭਰੇ ਵੌਇਸ ਮੇਲ ਭੇਜਣ ਦੇ ਦੋਸ਼ ਲੱਗੇ

ਵਾਸ਼ਿੰਗਟਨ (ਰਾਘਵ): ਟੈਕਸਾਸ ਵਿਚ ਭਾਰਤੀ-ਅਮਰੀਕੀ ’ਤੇ ਸੰਘੀ ਨਫ਼ਰਤੀ ਅਪਰਾਧ ਅਤੇ ਸਿੱਖਾਂ ਦੀ ਗੈਰ-ਲਾਭਕਾਰੀ ਸੰਸਥਾ ਦੇ ਮੈਂਬਰਾਂ ਨੂੰ ਧਮਕੀਆਂ ਦੇਣ ਦੇ ਦੋਸ਼ ਲਗਾਏ ਗਏ ਹਨ।

ਨਿਆਂ ਵਿਭਾਗ ਨੇ ਬਿਆਨ ਵਿੱਚ ਕਿਹਾ ਭੂਸ਼ਣ ਅਠਾਲੇ (48) ਨੂੰ ਖਤਰਨਾਕ ਹਥਿਆਰ ਦੀ ਵਰਤੋਂ ਕਰਨ ਦੀ ਧਮਕੀ ਦੇਣ ਦੇ ਦੋਸ਼ ਹੇਠ ਵੱਧ ਤੋਂ ਵੱਧ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਡਰਾਉਣ-ਧਮਕਾਉਣ ਦੇ ਜੁਰਮ ਲਈ ਵੀ ਉਸ ਨੂੰ ਵੱਧ ਤੋਂ ਵੱਧ ਪੰਜ ਸਾਲ ਦੀ ਸਜ਼ਾ ਹੋ ਸਕਦੀ ਹੈ। ਦੋਵਾਂ ਦੋਸ਼ਾਂ ਲਈ ਉਸ ’ਤੇ 250,000 ਡਾਲਰ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

17 ਸਤੰਬਰ 2022 ਨੂੰ ਅਠਾਲੇ ਵਿਰੁੱਧ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਉਸ ਨੇ ਕਥਿਤ ਤੌਰ ‘ਤੇ ਅਮਰੀਕਾ ਵਿੱਚ ਸਿੱਖਾਂ ਦੇ ਨਾਗਰਿਕ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਸੰਸਥਾ ਦੇ ਲੋਕਾਂ ਨੂੰ ਫੋਨ ਕੀਤਾ। ਉਸ ਨੇ 7 ਵੌਇਸ ਮੇਲ ਭੇਜੀਆਂ, ਜਿਸ ਵਿੱਚ ਉਸ ਨੇ ਕਥਿਤ ਤੌਰ ‘ਤੇ ਸੰਗਠਨ ਵਿੱਚ ਕੰਮ ਕਰਨ ਵਾਲੇ ਸਿੱਖਾਂ ਪ੍ਰਤੀ ਨਫ਼ਰਤ ਜ਼ਾਹਰ ਕੀਤੀ ਅਤੇ ਉਨ੍ਹਾਂ ਨੂੰ ਰੇਜ਼ਰ ਨਾਲ ਜ਼ਖਮੀ ਕਰਨ ਜਾਂ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ। ਮਾਰਚ ਵਿੱਚ ਅਠਾਲੇ ਨੇ ਕਥਿਤ ਤੌਰ ’ਤੇ ਸੰਗਠਨ ਦੇ ਮੈਂਬਰਾਂ ਨੂੰ ਦੁਬਾਰਾ ਫੋਨ ਕੀਤਾ ਤੇ ਦੋ ਵੌਇਸ ਮੇਲ ਵਿੱਚ ਸਿੱਖ ਅਤੇ ਮੁਸਲਿਮ ਭਾਈਚਾਰਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ।

Exit mobile version