Nation Post

ਲੁਧਿਆਣਾ: ਬਿਜਲੀ ਬਿੱਲ ਆਨਲਾਈਨ ਭਰਨ ਦੇ ਨਾਂ ‘ਤੇ ਠੱਗੀ, 20 ਮਹੀਨਿਆਂ ਬਾਅਦ, 4 ਮੁਲਜਮਾਂ ‘ਤੇ ਮਾਮਲਾ ਦਰਜ

ਲੁਧਿਆਣਾ (ਸਾਹਿਬ) : ਲੁਧਿਆਣਾ ‘ਚ ਬਿਜਲੀ ਦੇ ਬਿੱਲ ਆਨਲਾਈਨ ਭਰਨ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਧੋਖੇਬਾਜ਼ਾਂ ਵੱਲੋਂ ਆਨਲਾਈਨ ਲਿੰਕ ਭੇਜੇ ਜਾ ਰਹੇ ਹਨ। ਜਿਵੇਂ ਹੀ ਲੋਕ ਉਸ ਲਿੰਕ ‘ਤੇ ਕਲਿੱਕ ਕਰਦੇ ਹਨ, ਉਨ੍ਹਾਂ ਦੇ ਬੈਂਕ ਖਾਤੇ ਤੋਂ ਪੈਸੇ ਕਢਵਾ ਲਏ ਜਾਂਦੇ ਹਨ।

ਅਜਿਹਾ ਹੀ ਇੱਕ ਮਾਮਲਾ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮਾਡਲ ਹਾਊਸ ਇਲਾਕੇ ਦਾ ਸਾਹਮਣੇ ਆਇਆ ਹੈ। ਖਾਸ ਗੱਲ ਇਹ ਹੈ ਕਿ ਨਵੰਬਰ 2022 ‘ਚ ਹੋਈ ਇਸ ਧੋਖਾਧੜੀ ਦਾ ਮਾਮਲਾ ਪੁਲਸ ਨੇ 20 ਮਹੀਨਿਆਂ ਬਾਅਦ ਦਰਜ ਕੀਤਾ ਹੈ।

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਦਲਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ 2022 ਨੂੰ ਉਸ ਦੇ ਮੋਬਾਇਲ ‘ਤੇ 7735372922 ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਆਪਣੇ ਘਰ ਦਾ ਬਿਜਲੀ ਬਿੱਲ ਆਨਲਾਈਨ ਜਮ੍ਹਾ ਕਰਵਾਉਣ ਲਈ ਕਿਹਾ। ਇਸ ਦੇ ਨਾਲ ਹੀ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਇੱਕ ਲਿੰਕ ਭੇਜ ਰਿਹਾ ਹੈ, ਉਸ ‘ਤੇ ਕਲਿੱਕ ਕਰਕੇ ਤੁਸੀਂ ਬਿੱਲ ਜਮ੍ਹਾ ਕਰਵਾ ਸਕਦੇ ਹੋ।

ਪੀੜਤ ਦਲਜੀਤ ਸਿੰਘ ਅਨੁਸਾਰ ਜਿਵੇਂ ਹੀ ਉਸ ਨੇ ਠੱਗ ਵੱਲੋਂ ਭੇਜਿਆ ਲਿੰਕ ਖੋਲ੍ਹਿਆ ਤਾਂ ਉਸ ਦਾ ਫ਼ੋਨ ਹੈਂਗ ਹੋ ਗਿਆ। ਕੁਝ ਸਮੇਂ ਬਾਅਦ ਉਸ ਦੇ ਖਾਤੇ ‘ਚੋਂ 6 ਐਂਟਰੀਆਂ ‘ਚੋਂ 5 ਲੱਖ 74 ਹਜ਼ਾਰ 676 ਰੁਪਏ ਕਢਵਾ ਲਏ ਗਏ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਮਾਡਲ ਟਾਊਨ ਨੂੰ ਸੂਚਿਤ ਕੀਤਾ।

ਲੁਧਿਆਣਾ ਪੁਲਿਸ ਨੇ 20 ਮਹੀਨਿਆਂ ਦੀ ਜਾਂਚ ਤੋਂ ਬਾਅਦ ਮੁਲਜ਼ਮ ਮਨੀਸ਼ ਵਾਸੀ ਦੱਖਣੀ ਪੱਛਮੀ ਦਿੱਲੀ, ਵਿਜੇ ਸਿੰਘ ਚੌਹਾਨ ਵਾਸੀ ਜੈਪੁਰ, ਅਜੈ ਵਾਸੀ ਪੰਚਕੂਲਾ ਅਤੇ ਪ੍ਰਕਾਸ਼ ਪਰਕਸ਼ਕਾ ਵਾਸੀ ਉੜੀਸਾ ਦੇ ਖ਼ਿਲਾਫ਼ ਆਈਪੀਸੀ ਐਕਟ ਦੀ ਧਾਰਾ 420,120 (ਬੀ) ਅਤੇ 66 (ਡੀ) ਆਈਟੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

Exit mobile version