Nation Post

ਪੰਜਾਬ ਵਿਜੀਲੈਂਸ ਬਿਊਰੋ ਨੇ ਸਿਪਾਹੀ ਲਈ 2 ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਦੁਕਾਨਦਾਰ ਰੰਗੇ ਹੱਥੀਂ ਫੜਿਆ |

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਯਾਨੀ ਵੀਰਵਾਰ ਨੂੰ ਜ਼ਿਲ੍ਹਾ ਗੁਰਦਾਸਪੁਰ ਵਿਖੇ ਜਿੰਮ ਸਪਲੀਮੈਂਟ ਦੀ ਦੁਕਾਨ ਵਾਲੇ ਇੱਕ ਆਦਮੀ ਨੂੰ ਪੁਲਿਸ ਸਿਪਾਹੀ ਖਾਤਰ 2 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਇਸ ਮਾਮਲੇ ਵਿੱਚ ਦੋਸ਼ੀ ਸਿਪਾਹੀ ਦੀ ਪਛਾਣ ਮੋਹਿਤ ਬੇਦੀ ਵਜੋਂ ਕੀਤੀ ਗਈ ਹੈ, ਜੋ ਸਪੈਸ਼ਲ ਟਾਸਕ ਫੋਰਸ ਬਟਾਲਾ ਦੀ ਟੀਮ ਵਿੱਚ ਡਿਊਟੀ ‘ਤੇ ਹਨ।

ਸੂਚਨਾ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਹੈ ਕਿ ਇੱਕ ਸ਼ਿਕਾਇਤਕਰਤਾ ਔਰਤ ਨੇ ਵਿਜੀਲੈਂਸ ਬਿਊਰੋ ਕੋਲ ਆ ਕੇ ਇਲਜਾਮ ਲਗਾਇਆ ਹੈ ਕਿ ਸਪੈਸ਼ਲ ਟਾਸਕ ਫੋਰਸ ਬਟਾਲਾ ਦੀ ਪੁਲਿਸ ਟੀਮ ਨੇ ਸੋਮਵਾਰ ਨੂੰ ਉਕਤ ਜਿੰਮ ਵਿੱਚ ਛਾਪਾ ਮਾਰਿਆ ਹੈ ਅਤੇ ਉਸਦੇ ਪਤੀ ਨੂੰ ਜਿੰਮ ਵਿੱਚੋਂ ਗ੍ਰਿਫਤਾਰ ਕਰਕੇ ਲੈ ਗਏ ਹਨ। ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਹੈ ਕਿ ਸਪੈਸ਼ਲ ਟਾਸਕ ਫੋਰਸ ਟੀਮ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਵੀ ਲਈ ਪਰ ਕੋਈ ਵੀ ਨਸ਼ੀਲੀ ਵਸਤੂ ਨਹੀਂ ਫੜੀ ਗਈ।

ਔਰਤ ਨੇ ਇਲਜਾਮ ਲਗਾਇਆ ਹੈ ਕਿ ਉਸਦੇ ਪਤੀ ਨੂੰ ਹਿਰਾਸਤ ਵਿੱਚ ਲੈਣ ਦੀ ਵਜ੍ਹਾ ਪੁੱਛੇ ਜਾਣ ‘ਤੇ, ਸਿਪਾਹੀ ਮੋਹਿਤ ਨੇ ਉਸਨੂੰ ਦੁਕਾਨਦਾਰ ਅਮਨ, ਜੋ ਕਿ ਔਰਤ ਦੇ ਪਤੀ ਦਾ ਦੋਸਤ ਵੀ ਹੈ, ਨਾਲ ਮੁਲਾਕਾਤ ਕਰਨ ਲਈ ਆਖਿਆ ਹੈ ਤਾਂ ਜੋ ਉਸਦੇ ਪਤੀ ਨੂੰ ਬਿਨ੍ਹਾਂ ਕੋਈ ਅਪਰਾਧਿਕ ਮੁਕੱਦਮਾ ਦਾਇਰ ਕੀਤੇ ਰਿਹਾਈ ਮਿਲ ਜਾਵੇ। ਸ਼ਿਕਾਇਤਕਰਤਾ ਔਰਤ ਨੇ ਅੱਗੇ ਕਿਹਾ ਕਿ ਉਕਤ ਦੁਕਾਨਦਾਰ ਅਮਨ ਨੇ ਉਸਨੂੰ 10 ਲੱਖ ਰੁਪਏ ਰਿਸ਼ਵਤ ਦਾ ਇੰਤਜ਼ਾਮ ਕਰਨ ਅਤੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 2 ਲੱਖ ਰੁਪਏ ਪੁਲਿਸ ਕਰਮਚਾਰੀ ਮੋਹਿਤ ਨੂੰ ਦੇਣ ਲਈ ਕਹਿ ਦਿੱਤਾ ਹੈ।

ਸੂਤਰਾਂ ਦੇ ਅਨੁਸਾਰ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਮੁਲਜ਼ਮ ਦੁਕਾਨਦਾਰ ਅਮਨ ਨੂੰ ਦੋ ਸਰਕਾਰੀ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 2 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ ਲਿਆ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਸਿਪਾਹੀ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਵੱਲੋਂ ਭਾਲ ਹੋ ਰਹੀ ਹੈ। ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਅੱਗੇ ਦੀ ਜਾਂਚ ਪੜਤਾਲ ਹੋ ਰਹੀ ਹੈ।

Exit mobile version