Nation Post

ਪੰਜਾਬ ਦੇ ਮੁਕਤਸਰ ਨੇੜੇ ਮਲੋਟ ‘ਚ 3 ਬਦਮਾਸ਼ਾਂ ਨੇ ਘਰ ਅੰਦਰ ਵੜ ਕੇ ਡਾਕਟਰ ਦੀ ਕੀਤੀ ਹੱਤਿਆ |

ਮੁਕਤਸਰ ਜ਼ਿਲ੍ਹੇ ਨੇੜੇ ਮਲੋਟ ਦੇ ਪਿੰਡ ਬੁਰਜ ਸਿੰਧਵਾ ‘ਚ ਅੱਜ ਯਾਨੀ ਸ਼ਨੀਵਾਰ ਸਵੇਰੇ 3 ਅਣਪਛਾਤੇ ਨਕਾਬਪੋਸ਼ਾਂ ਬਦਮਾਸ਼ਾਂ ਨੇ ਇੱਕ ਡਾਕਟਰ ਦੇ ਘਰ ਅੰਦਰ ਵੜ ਕੇ ਉਸ ਦਾ ਕਤਲ ਕਰ ਦਿੱਤਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਕਬਰਵਾਲਾ ਦੇ ਮੁੱਖ ਅਫਸਰ ਸੁਖਦੇਵ ਸਿੰਘ ਨੇ ਮੌਕੇ ‘ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਅਧਾਰ ‘ਤੇ ਅੱਗੇ ਦੀ ਕਾਰਵਾਈ ਹੋ ਰਹੀ ਹੈ।

ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਉਸ ਦੀ ਪਤਨੀ ਪਰਮਿੰਦਰ ਕੌਰ ਨੇ ਇਸ ਹਾਦਸੇ ਦੀ ਸ਼ਿਕਾਇਤ ਕੀਤੀ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰੇ 3 ਅਣਪਛਾਤੇ ਨਕਾਬਪੋਸ਼ ਵਿਅਕਤੀ ਘਰ ਦੇ ਪਿੱਛਲੀ ਕੰਧ ਨੂੰ ਟੱਪ ਕੇ ਅੰਦਰ ਵੜ ਗਏ ਸੀ। ਉਹ ਦੋਵੇਂ ਸੁੱਤੇ ਹੋਏ ਸੀ ਪਰ ਬਦਮਾਸ਼ਾਂ ਨੇ ਉਨ੍ਹਾਂ ਨੂੰ ਧਮਕੀਆਂ ਦੇ ਕੇ ਉਠਾ ਦਿੱਤਾ ਸੀ।

ਮ੍ਰਿਤਕ ਦੀ ਪਤਨੀ ਪਰਮਿੰਦਰ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਨ੍ਹਾਂ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਦੇ ਘਰ ‘ਚ ਏਨੇ ਪੈਸੇ ਨਹੀਂ ਸੀ, ਜਿਸ ‘ਤੇ ਬਦਮਾਸ਼ਾਂ ਨੇ ਉਸ ਦੇ ਪਤੀ ਸੁਖਵਿੰਦਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਬਹੁਤ ਵਾਰੀ ਬੇਨਤੀ ਕੀਤੀ ਕਿ ਉਹ ਸਵੇਰੇ ਬੈਂਕ ‘ਚੋਂ ਪੈਸੇ ਕਢਾ ਕੇ ਲੁਟੇਰਿਆਂ ਨੂੰ ਦੇ ਦੇਣਗੇ ਪਰ ਉਨ੍ਹਾਂ ਨੇ ਮੇਰੇ ਪਤੀ ’ਤੇ ਰਾਡਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤਾ ਸੀ।

ਪਰਮਿੰਦਰ ਨੇ ਅੱਗੇ ਕਿਹਾ ਕਿ ਜਾਂਦੇ ਵਕਤ ਬਦਮਾਸ਼ ਘਰ ‘ਚ ਰੱਖੇ ਹੋਏ 30 ਹਜ਼ਾਰ ਰੁਪਏ ਵੀ ਲੁੱਟ ਕੇ ਲੈ ਗਏ ਸੀ। ਜਿਸ ਮਗਰੋਂ ਉਸ ਨੇ ਰੌਲਾ ਪਾਇਆ ਅਤੇ ਉਸਦੀ ਆਵਾਜ ਸੁਣਨ ਤੇ ਆਲੇ-ਦੁਆਲੇ ਦੇ ਲੋਕ ਪਹੁੰਚ ਗਏ ਪਰ ਉਦੋਂ ਤੱਕ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਲੋਕਾਂ ਨੇ ਹਾਦਸੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ਤੇ ਪੁਲਿਸ ਮੌਕੇ ‘ਤੇ ਪੁੱਜ ਗਈ ਸੀ। ਪੁਲਿਸ ਨੇ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Exit mobile version