Nation Post

ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੇ ਮਾਮਲੇ ‘ਚ ਔਰਤ ਦਾ ਕਤਲ,ਦੋਸ਼ੀ ਗ੍ਰਿਫਤਾਰ |

ਪਟਿਆਲਾ ਦੇ ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੇ ਮਾਮਲੇ ‘ਚ ਇੱਕ ਔਰਤ ਦੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਘਟਨਾ ‘ਚ ਸ਼ਰਧਾਲੂ ਸਾਗਰ ਮਲਹੋਤਰਾ ਵੀ ਗੰਭੀਰ ਜਖ਼ਮੀ ਹੋਇਆ ਹੈ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਾ ਦਿੱਤਾ ਗਿਆ ਹੈ।ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ (33 )ਵੱਜੋਂ ਕੀਤੀ ਗਈ ਹੈ। ਪੁਲਿਸ ਨੇ ਇਸ ਘਟਨਾ ‘ਚ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਕੰਪਲੈਕਸ ਦੀ ਇਹ ਘਟਨਾ ਹੈ। ਘਟਨਾ ਸਮੇਂ ਮੌਜੂਦ ਲੋਕਾਂ ਦੇ ਅਨੁਸਾਰ ਪਰਮਿੰਦਰ ਕੌਰ ਗੁਰਦੁਆਰਾ ਸਾਹਿਬ ਦੇ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ। ਗੁਰਦੁਆਰੇ ਦੇ ਸੇਵਾਦਾਰ ਨੇ ਕੁੜੀ ਨੂੰ ਰੋਕਿਆ ਤਾਂ ਉਸ ਨੇ ਬੋਤਲ ਨੂੰ ਭੰਨ ਕੇ, ਉਸ ਨਾਲ ਸੇਵਾਦਾਰ ਤੇ ਹਮਲਾ ਕਰ ਦਿੱਤਾ । ਕੁੜੀ ਨੂੰ ਗੁਰਦੁਆਰਾ ਪ੍ਰਬੰਧਕ ਦੇ ਕਮਰੇ ਵਿੱਚ ਲੈ ਕੇ ਗਏ, ਜਿੱਥੇ ਇੱਕ ਵਿਅਕਤੀ ਨੇ ਉਸ ਦੇ ਗੋਲੀਆਂ ਮਾਰ ਦਿੱਤੀਆਂ।

ਇਸ ਹਾਦਸੇ ‘ਤੋਂ ਮਗਰੋਂ ਮੌਕੇ ‘ਤੇ ਬਹੁਤ ਸਾਰੇ ਲੋਕ ਇਕੱਠੇ ਹੋ ਗਏ । ਪੁਲਿਸ ਨੇ ਗੋਲੀਆਂ ਮਾਰਨ ਵਾਲੇ ਦੋਸ਼ੀ ਨਿਰਮਲਜੀਤ ਸਿੰਘ ਸੈਣੀ ਵਾਸੀ ਅਰਬਨ ਅਸਟੇਟ, ਪਟਿਆਲਾ ਨੂੰ ਮੌਕੇ ‘ਤੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੇ ਨਾਲ ਹੀ ਦੋਸ਼ੀ ਦੇ ਕੋਲੋਂ ਹਥਿਆਰ ਵੀ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪ੍ਰਾਪਰਟੀ ਡੀਲਰ ਹੈ ਅਤੇ ਰੋਜ਼ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਆਉਂਦਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨੇ ਔਰਤ ਤੇ ਕਿਸ ਵਜ੍ਹਾ ਕਰਕੇ ਗੋਲੀ ਚਲਾਈ ਹੈ, ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਪੂਰੀ ਘਟਨਾ ਦੀ ਜਾਂਚ ਪੜਤਾਲ ਤੋਂ ਮਗਰੋਂ ਹੀ ਅਧਿਕਾਰਤ ਬਿਆਨ ਦਿੱਤਾ ਜਾਏਗਾ।

Exit mobile version