Nation Post

ਖੇਡਾਂ ਦਾ ਸਮਾਨ ਬਣਾਉਣ ਵਾਲੀ ਫੈਕਟਰੀ ‘ਚ ਲੱਗੀ ਅੱਗ; 20 ਫਾਇਰ ਬ੍ਰਿਗੇਡ ਗੱਡੀਆਂ ਨਾਲ ਕੀਤਾ ਕਾਬੂ|

ਜਲੰਧਰ ਸ਼ਹਿਰ ‘ਚ ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਅੱਗ ਲੱਗਣ ਦੀ ਦੂਜੀ ਵੱਡੀ ਘਟਨਾ ਸਾਹਮਣੇ ਆਈ ਹੈ। ਦਿਲਬਾਗ ਨਗਰ ‘ਚ ਨਰੂਲਾ ਪੈਲੇਸ ਨੇੜੇ ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ ‘ਚ ਰਾਤ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚ ਤਿਆਰ ਖੇਡਾਂ ਦਾ ਸਮਾਨ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਖ਼ਤਰਨਾਕ ਸੀ ਕਿ ਇਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 20 ਗੱਡੀਆਂ ਲੱਗੀਆਂ।

ਗੁਡਵਿਨ ਸਪੋਰਟਸ ਇੰਡਸਟਰੀ ਵਿੱਚ ਪਲਾਸਟਿਕ ਅਤੇ ਫਾਈਬਰ ਦਾ ਸਮਾਨ ਪਿਆ ਸੀ। ਉਨ੍ਹਾਂ ਕਾਰਨ ਅੱਗ ਭੜਕ ਗਈ। ਪਹਿਲਾਂ ਫੈਕਟਰੀ ਦੇ ਕਰਮਚਾਰੀਆਂ ਨੇ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ‘ਚ ਆਉਣ ਦੀ ਬਜਾਏ ਭੜਕ ਗਈ। ਜਦੋਂ ਗੱਲ ਵੱਧ ਗਈ ਤਾਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।

ਫੈਕਟਰੀ ‘ਚ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਜਾਂ ਕੋਈ ਹੋਰ ਕਾਰਨ ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਮੌਜੂਦ ਫਾਇਰ ਕਰਮਚਾਰੀ ਨਰਿੰਦਰ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਨਰੂਲਾ ਪੈਲੇਸ ਨੇੜੇ ਗੁਡਵਿਨ ਸਪੋਰਟਸ ਇੰਡਸਟਰੀ ‘ਚ ਅੱਗ ਲੱਗੀ ਗਈ ਹੈ।

ਜਾਣਕਾਰੀ ਮਿਲਣ ਤੇ ਉਹ ਦੋ ਗੱਡੀਆਂ ਲੈ ਕੇ ਤੁਰੰਤ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਪਰ ਅੱਗ ਇੰਨੀ ਜ਼ਿਆਦਾ ਸੀ ਕਿ ਕਾਬੂ ਕਰਨ ਲਈ ਉਨ੍ਹਾਂ ਨੇ 20 ਗੱਡੀਆਂ ਅਤੇ ਟੈਂਕਰਾਂ ਨੂੰ ਬੁਲਾਇਆ । ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ।

Exit mobile version