Nation Post

ਔਰਤ ਨੇ ਦੋ ਬੱਚੀਆਂ ਸਮੇਤ ਨਹਿਰ ‘ਚ ਲਗਾਈ ਛਲਾਂਗ: ਲੋਕਾਂ ਨੇ ਬਚਾਈ ਬੱਚੀ ਤੇ ਔਰਤ ਦੀ ਜਾਨ, ਛੇ ਸਾਲ ਦੀ ਬੱਚੀ ਲਾਪਤਾ|

ਲੁਧਿਆਣਾ ‘ਚ ਇਕ ਵਿਆਹੁਤਾ ਨੇ 2 ਬੱਚੀਆਂ ਸਮੇਤ ਨਹਿਰ ‘ਚ ਛਲਾਂਗ ਲਗਾ ਦਿੱਤੀ ਹੈ। ਔਰਤ ਨੂੰ ਨਹਿਰ ਵਿੱਚ ਛਾਲ ਮਾਰਦੇ ਹੋਏ ਦੇਖਦਿਆਂ ਹੀ ਆਲੇ-ਦੁਆਲੇ ਦੇ ਲੋਕਾਂ ਨੇ ਰੌਲਾ ਪਾਇਆ। ਗੋਤਾਖੋਰਾਂ ਦੀ ਸਹਾਇਤਾ ਨਾਲ ਔਰਤ ਤੇ ਉਸ ਦੀ ਦੋ ਮਹੀਨੇ ਦੀ ਬੱਚੀ ਨੂੰ ਬਾਹਰ ਕੱਢ ਲਿਆ ਗਿਆ ਹੈ। ਜਦੋਂ ਕਿ 6 ਸਾਲ ਦੀ ਦੂਜੀ ਬੱਚੀ ਦਾ ਕੁਝ ਪਤਾ ਨਹੀਂ ਲੱਗ ਰਿਹਾ। ਬੱਚੀ ਦੇ ਨਹਿਰ ਵਿਚ ਰੁੜ੍ਹ ਜਾਣ ਦਾ ਖ਼ਦਸ਼ਾ ਹੈ।

ਔਰਤ ਤੇ ਉਸ ਦੀ ਬੱਚੀ ਨੂੰ ਬੇਹੋਸ਼ੀ ਦੀ ਹਾਲਤ ‘ਚ ਸਿਵਲ ਹਸਪਤਾਲ ਲਿਜ਼ਾਇਆ ਗਿਆ ਹੈ। ਸ਼ਾਮ ਤੱਕ ਔਰਤ ਨੇ ਹਸਪਤਾਲ ਦੇ ਡਾਕਟਰ ਨੂੰ ਇਸ ਘਟਨਾ ਦੇ ਬਾਰੇ ਕੁਝ ਨਹੀਂ ਦੱਸਿਆ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ‘ਤੇ ਔਰਤ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਨਾਂ ਕੁਲਦੀਪ ਕੌਰ ਹੈ। ਉਹ ਸਾਹਨੇਵਾਲ ਦੇ ਇਲਾਕੇ ‘ਚ ਰਹਿ ਰਹੀ ਹੈ।

ਔਰਤ ਨੇ ਅੱਗੇ ਦੱਸਿਆ ਕਿ ਪਤੀ ਨਾਲ ਸ਼ੁੱਕਰਵਾਰ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੀ ਬਹਿਸ ਹੋ ਗਈ ਸੀ। ਜਿਸ ਮਗਰੋਂ ਉਸ ਨੇ ਬੱਚੀਆਂ ਨੂੰ ਨਾਲ ਲੈ ਕੇ ਨਹਿਰ ਵਿਚ ਛਲਾਂਗ ਲਗਾ ਦਿੱਤੀ । ਹਸਪਤਾਲ ‘ਚ ਭਰਤੀ ਕੀਤੀ ਹੋਈ ਬੱਚੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਸਮਰਾਲਾ ਪੁਲਿਸ ਦੇ ਐੱਸਐੱਚਓ ਭਿੰਡਰ ਸਿੰਘ ਦਾ ਕਹਿਣਾ ਹੈ ਕਿ ਲਾਪਤਾ ਹੋਈ ਮਾਸੂਮ ਧੀ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਇਸ ਘਟਨਾ ਦੀ ਜਾਂਚ ‘ਚ ਜੁਟੀ ਹੋਈ ਹੈ।

Exit mobile version