ਮੁਕਤਸਰ ਸਾਹਿਬ ਤੋਂ ਲਾਪਤਾ ਹੋਈ ਕੁੜੀ ਦੀ ਲਾਸ਼ ਸ਼ੁੱਕਰਵਾਰ ਨੂੰ ਅਬੋਹਰ ਨਹਿਰ ਵਿੱਚੋਂ ਮਿਲੀ ਹੈ। ਪਿੰਡ ਵਰਿਆਮ ਖੇੜਾ ਤੋਂ ਹਾਕਮਾਬਾਦ ਨੂੰ ਜਾਂਦੀ ਸੜਕ ਦੇ ਕਿਨਾਰੇ ਵਹਿਣ ਵਾਲੀ ਲੰਬੀ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਕੁੜੀ ਦੀ ਪਛਾਣ ਉਮਰ 24 ਸਾਲ, ਨਾਮ ਪਿੰਕੀ ਵਾਸੀ ਪਿੰਡ ਗੋਨਿਆਣਾ ਰੋਡ, ਮੁਕਤਸਰ ਸਾਹਿਬ ਵਜੋਂ ਕੀਤੀ ਗਈ ਹੈ। ਮ੍ਰਿਤਕਾਂ ਦੇ ਚਚੇਰੇ ਭਰਾ ਨੇ ਹਸਪਤਾਲ ਆ ਕੇ ਕੁੜੀ ਦੀ ਪਛਾਣ ਕੀਤੀ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਮ੍ਰਿਤਕ ਕੁੜੀ ਦੇ ਭਰਾ ਮਨਜੀਤ ਸਿੰਘ ਪੁੱਤਰ ਰਾਜ ਕੁਮਾਰ ਨੇ ਪੁਲਿਸ ਨੂੰ ਕਿਹਾ ਹੈ ਕਿ ਉਸ ਦੀ ਭੈਣ ਮੁਕਤਸਰ ਸਾਹਿਬ ਵਿੱਚ ਬਰੈਡ ਹੁੰਡਾਈ ਵਿੱਚ ਕੰਮ ਕਰਦੀ ਸੀ। ਉਸ ਦੇ ਹੀ ਪਿੰਡ ਦਾ ਪ੍ਰਿੰਸ ਕੁਮਾਰ ਪੁੱਤਰ ਕਿਰੋੜੀ ਲਾਲ 18 ਅਪ੍ਰੈਲ ਨੂੰ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਅਤੇ ਉਦੋਂ ਤੋਂ ਕੁੜੀ ਘਰ ਵਾਪਸ ਨਹੀਂ ਪਰਤੀ । ਉਨ੍ਹਾਂ ਨੇ ਥਾਣੇ ਵਿੱਚ ਕੁੜੀ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਾਈ ਸੀ। ਪੁਲਿਸ ਨੇ ਧਾਰਾ 365 ਅਤੇ 506 ਤਹਿਤ ਕੇਸ ਦਰਜ ਕਰਕੇ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

