Nation Post

ਦੇਖੋ ਕਿਵੇਂ ਆਪਣੇ ਵਿਆਹ ਦੀਆ ਰਸਮਾਂ ਪੂਰੀਆਂ ਕਰਨ ਲਈ 28 ਕਿਲੋਮੀਟਰ ਪੈਦਲ ਚੱਲ ਕੇ ਲਾੜੀ ਕੋਲ ਪਹੁੰਚਿਆ ਲਾੜਾ |

ਉੜੀਸਾ ਦੇ ਰਾਏਗੜਾ ਜ਼ਿਲ੍ਹੇ ਵਿੱਚ ਵਪਾਰਕ ਗੱਡੀਆਂ ਦੇ ਡਰਾਈਵਰਾਂ ਦੀ ਹੜਤਾਲ ਇੱਕ ਲਾੜੇ ਲਈ ਮੁਸੀਬਤ ਬਣ ਗਈ। ਲਾੜੇ ਨੂੰ ਲਾੜੀ ਦੇ ਘਰ ਪਹੁੰਚਣ ਲਈ 28 ਕਿਲੋਮੀਟਰ ਪੈਦਲ ਚੱਲਣਾ ਪਿਆ। ਦਰਅਸਲ, ਵੀਰਵਾਰ ਨੂੰ ਕਲਿਆਣਸਿੰਘਪੁਰ ਬਲਾਕ ਦੀ ਸੁਨਖੰਡੀ ਪੰਚਾਇਤ ਤੋਂ ਲਾੜੇ ਅਤੇ ਉਸ ਦੇ ਪਰਿਵਾਰਕ ਮੈਂਬਰ ਬਾਰਾਤ ਲੈ ਕੇ ਨਿਕਲੇ ਸੀ, ਪਰ ਹੜਤਾਲ ਕਾਰਨ ਉਹ ਗੱਡੀਆਂ ਦਾ ਪ੍ਰਬੰਧ ਨਹੀਂ ਕਰ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੇ ਪੈਦਲ ਜਾਣ ਦਾ ਫੈਸਲਾ ਲਿਆ ।

ਸਾਰੀ ਰਾਤ ਪੈਦਲ ਤੁਰ ਕੇ ਦਿਬਾਲਪਾਡੂ ਪਹੁੰਚ ਗਏ। ਇਹ ਵਿਆਹ ਸ਼ੁੱਕਰਵਾਰ ਨੂੰ ਹੋਇਆ। ਸੂਚਨਾ ਦੇ ਅਨੁਸਾਰ ਵਿਆਹ ਤੋਂ ਬਾਅਦ ਲਾੜੇ ਦੇ ਪੱਖ ਦੇ ਲੋਕ ਲਾੜੀ ਦੇ ਘਰ ਹੀ ਰਹੇ। ਹੜਤਾਲ ਦੇ ਬੰਦ ਹੋਣ ਦੀ ਉਡੀਕ ਕਰਦੇ ਰਹੇ।

ਦੱਸਿਆ ਜਾ ਰਿਹਾ ਹੈ ਕਿ 22 ਸਾਲਾ ਲਾੜੇ ਨਰੇਸ਼ ਪ੍ਰਸਕਾ ਨੇ ਬਾਰਾਤ ਲਈ ਚਾਰ ਗੱਡੀਆਂ ਦਾ ਪ੍ਰਬੰਧ ਕੀਤਾ ਸੀ, ਪਰ ਜਦੋਂ ਡਰਾਈਵਰ ਹੜਤਾਲ ‘ਤੇ ਚਲੇ ਗਏ ਤਾਂ ਉਨ੍ਹਾਂ ਦਾ ਜਾਣਾ ਬਹੁਤ ਔਖਾ ਹੋ ਗਿਆ । ਨਰੇਸ਼ ਨੇ ਕਿਹਾ- ਅਸੀਂ ਸਕੂਟੀ ‘ਤੇ ਵਿਆਹ ਲਈ ਜ਼ਰੂਰੀ ਸਾਮਾਨ ਭੇਜ ਦਿੱਤਾ ਸੀ। ਇਸ ਤੋਂ ਬਾਅਦ ਅੱਠ ਔਰਤਾਂ ਸਮੇਤ 30 ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਪੈਦਲ ਜਾਣ ਦਾ ਫੈਸਲਾ ਕੀਤਾ। ਇਹ ਬਹੁਤ ਲੰਮਾ ਸਫ਼ਰ ਸੀ, ਪਰ ਇੱਕ ਯਾਦਗਾਰ ਅਨੁਭਵ ਰਿਹਾ |

ਓਡੀਸ਼ਾ ਵਿੱਚ ਡਰਾਈਵਰਾਂ ਦੇ ਸੰਗਠਨ ਏਕਤਾ ਮਹਾਸੰਘ ਨੇ ਬੁੱਧਵਾਰ ਨੂੰ ਬੀਮਾ, ਪੈਨਸ਼ਨ ਅਤੇ ਭਲਾਈ ਬੋਰਡ ਦੇ ਗਠਨ ਦੀ ਮੰਗ ਨੂੰ ਲੈ ਕੇ ਹੜਤਾਲ ਦਾ ਐਲਾਨ ਕੀਤਾ ਸੀ। ਫ਼ਿਹਲਾਲ ਸਰਕਾਰ ਦੇ ਭਰੋਸੇ ਤੋਂ ਬਾਅਦ ਡਰਾਈਵਰਾਂ ਨੇ ਆਪਣੀ ਹੜਤਾਲ 90 ਦਿਨਾਂ ਲਈ ਰੋਕ ਦਿੱਤੀ ਹੈ।

Exit mobile version